



ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਵੱਲੋਂ ਜਿੱਥੇ ਸਮੇਂ–ਸਮੇਂ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ ਓਥੇ ਹੀ ਹਰ ਦੋ ਸਾਲਾਂ ਬਾਅਦ ਸਰਬਸੰਮਤੀ ਨਾਲ ਨਿਰਪੱਖ ਚੋਣਾਂ ਕਰਵਾ ਕੇ ਨਵੀਂ ਟੀਮ ਦਾ ਗਠਨ ਕੀਤਾ ਜਾਂਦਾ ਹੈ। 31 ਮਾਰਚ 2023 ਨੂੰ ਸਰਬਸੰਮਤੀ ਨਾਲ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪ੍ਰਧਾਨ ਅਤੇ ਸ਼ਾਇਰ ਸ਼ਹਿਬਾਜ਼ ਖ਼ਾਨ ਨੂੰ ਜਨਰਲ ਸਕੱਤਰ ਚੁਣਿਆ ਗਿਆ ਸੀ।ਜਦ ਕਿ ਸੀਨੀਅਰ ਵਾਈਸ ਪ੍ਰਧਾਨ ਵਜੋਂ ਪ੍ਰਿੰਸੀਪਲ ਕੇਵਲ ਸਿੰਘ ਰਤੜਾ, ਸਕੱਤਰ ਆਸ਼ੂ ਕੁਮਰਾ ਅਤੇ ਵਿਤ ਸਕੱਤਰ ਮਲਕੀਤ ਸਿੰਘ ਮੀਤ ਨਿਯੁਕਤ ਕੀਤੇ ਗਏ ਸਨ। ਇਸ ਸਮੁੱਚੀ ਟੀਮ ਨੇ ਤਕਰੀਬਨ ਦੋ ਸਾਲ ਬਹੁਤ ਵਧੀਆ ਸਾਹਿਤਕ ਸਮਾਗਮ ਰਚਾਏ। ਦੇਸ਼–ਵਿਦੇਸ਼ ਤੋਂ ਆਏ ਸਾਹਿਤਕਾਰਾਂ ਦੇ ਰੂ–ਬ–ਰੂ ਕਵੀ ਦਰਬਾਰ, ਗ਼ਜ਼ਲ ਵਰਕਸ਼ਾਪ ਅਤੇ ਪੁਸਤਕਾਂ ਉੱਪਰ ਗੋਸ਼ਟੀਆਂ ਇਤਿਆਦਿ ਕਰਵਾਈਆਂ ਗਈਆਂ। ਸੰਵਿਧਾਨ ਮੁਤਾਬਿਕ 31 ਮਾਰਚ 2025 ਨੂੰ ਇਸ ਟੀਮ ਦੇ ਦੋ ਸਾਲ ਪੂਰੇ ਹੋਣ ਉਪਰੰਤ ਸਿਰਜਣਾ ਕੇਂਦਰ ਦੇ ਮੌਜੂਦਾ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਨੇ 6 ਅਪ੍ਰੈਲ 2025 ਨੂੰ ਸਵੇਰੇ 10 ਵਜੇ ਕੇਂਦਰ ਦੇ ਦਫ਼ਤਰ ਵਿੱਚ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸੰਸਥਾ ਨਾਲ ਜੁੜੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਹੈ।