ਜ਼ਿਲ੍ਹੇ ’ਚ ਲੱਗੇ 18 ਲੋਕ ਸੇਵਾ ਕੈਂਪਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ, ਮੌਕੇ ’ਤੇ ਲਈਆਂ ਨਾਗਰਿਕ ਸੇਵਾਵਾਂ
ਡਿਪਟੀ ਕਮਿਸ਼ਨਰ ਨੇ ਕਾਂਜਲੀ, ਤਲਵੰਡੀ ਕੂਕਾ ਅਤੇ ਰਾਵਾਂ ’ਚ ਲੱਗੇ ਕੈਂਪਾਂ ਦਾ ਲਿਆ ਜਾਇਜ਼ਾ
ਲੋਕਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ
ਕਪੂਰਥਲਾ, 6 ਫਰਵਰੀ: ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਇੱਥੇ ਕਾਂਜਲੀ ਵਿਖੇ ’ਸਰਕਾਰ ਆਪ ਕੇ ਦੁਆਰ’ ਪ੍ਰੋਗਰਾਮ ਤਹਿਤ ਲਾਏ ਗਏ ਲੋਕ ਸੇਵਾ ਕੈਂਪ ਵਿਚ ਪਹੁੰਚ ਕੇ ਵੱਖ–ਵੱਖ ਸੇਵਾਵਾਂ ਲੈਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕੈਂਪ ਦਾ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਚਾਰਾਂ ਡਵੀਜ਼ਨਾਂ ਵਿਚ ਲੱਗੇ 18 ਕੈਂਪਾਂ ਵਿਚ ਲੋਕਾਂ ਨੂੰ ਨਾਗਰਿਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪਾਂ ਪ੍ਰਤੀ ਲੋਕਾਂ ਵਲੋਂ ਉਤਸ਼ਾਹ ਦਿਖਾਇਆ ਗਿਆ ਅਤੇ ਮੌਕੇ ’ਤੇ ਹੀ ਪੰਜਾਬ ਸਰਕਾਰ ਦੇ ਵੱਖ–ਵੱਖ ਵਿਭਾਗਾਂ ਨਾਲ ਸਬੰਧਿਤ ਲੋੜੀਂਦੀਆਂ ਸੇਵਾਵਾਂ ਦਾ ਲਾਭ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਹੀ ਬੜੇ ਆਸਾਨ ਢੰਗ ਨਾਲ ਨਾਗਰਿਕ ਸੇਵਾਵਾਂ ਪ੍ਰਦਾਨ ਕਰਨਾ ਹੈ।
ਪਿੰਡ ਕਾਂਜਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੈਂਪ ਵਿਚ ਆਏ ਲੋਕਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਐਫੀਡੇਵਿਟ ਤਸਦੀਕ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਜਾਤੀ ਸਰਟੀਫਿਕੇਟ, ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ, ਬੁਢਾਪਾ ਪੈਂਨਸ਼ਨ, ਬੀ.ਸੀ ਸਰਟੀਫਿਕੇਟ, ਬਿਜਲੀ ਬਿੱਲਾਂ ਦੀ ਅਦਾਇਗੀ, ਜਨਮ ਸਰਟੀਫਿਕੇਟ ’ਚ ਨਾਮ ਦਰਜ ਕਰਵਾਉਣ ਆਦਿ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਲੋਕ ਮਾਲ ਰਿਕਾਰਡ ਬਾਰੇ ਜਾਣਕਾਰੀ, ਮੈਰਿਜ ਰਜਿਸਟਰੇਸ਼ਨ, ਮੌਤ ਦੇ ਸਰਟੀਫਿਕੇਟ ਦੀਆਂ ਲੋੜ ਅਨੁਸਾਰ ਕਾਪੀਆਂ, ਉਸਾਰੀ ਕਾਮਿਆਂ ਦੀ ਰਜਿਸਟਰੇਸ਼ਨ ਨਵਿਆਉਣ, ਰਜਿਸਟਰਡ ਅਤੇ ਗੈਰ–ਰਜਿਸਟਰਡ ਦਰਤਾਵੇਜ਼ਾਂ ਨੂੰ ਤਸਦੀਕ ਕਰਨਾ, ਦਿਹਾਤੀ ਖੇਤਰ ਦੇ ਸਰਟੀਫਿਕੇਟ, ਜਨਰਲ ਜਾਤੀ ਸਰਟੀਫਿਕੇਟ, ਵਿਧਵਾ/ਆਸ਼ਰਿਤ ਬੱਚਿਆਂ ਦੀ ਪੈਂਨਸ਼ਨ, ਭਾਰ ਮੁਕਤ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀ ਲੇਟ ਐਂਟਰੀ, ਦਿਵਿਆਂਗ ਸਰਟੀਫਿਕੇਟ, ਸ਼ਗਨ ਸਕੀਮ ਦੇ ਕੇਸ, ਸਰਹੱਦੀ ਖੇਤਰ ਦੇ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈਜ਼ ਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨ, ਪੀ.ਸੀ.ਸੀ., ਮੌਤ ਦੇ ਸਰਟੀਫਿਕੇਟ ਸੋਧ, ਕੰਢੀ ਖੇਤਰ ਸਰਟੀਫਿਕੇਟ ਆਦਿ ਸੇਵਾਵਾਂ ਵੀ ਮੌਕੇ ’ਤੇ ਹੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਬ–ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 4 ਕੈਂਪ ਦਿਹਾਤੀ ਅਤੇ 2 ਕੈਂਪ ਸ਼ਹਿਰੀ ਖੇਤਰ ਵਿੱਚ ਲਾਏ ਗਏ।
ਜ਼ਿਕਰਯੋਗ ਹੈ ਕਿ 7 ਫਰਵਰੀ ਨੂੰ ਕਪੂਰਥਲਾ ਸਬ–ਡਵੀਜਨ ਦੇ ਪਿੰਡ ਡੋਗਰਾਂਵਾਲ, ਅਲੌਦੀਪੁਰ, ਨਵਾਂ ਪਿੰਡ ਤੇ ਨਵਾਂ ਪਿੰਡ ਭੱਠੇ ਅਤੇ ਸੁਲਤਾਨਪੁਰ ਲੋਧੀ ਵਿਖੇ ਪਿੰਡ ਬੂਰੇਵਾਲ, ਨਾਥੂਪੁਰ, ਅਮ੍ਰਿਤਪੁਰ ਅਤੇ ਅਮ੍ਰਿਤਪੁਰ ਰਾਜੇਵਾਲ ’ਚ ਕੈਂਪ ਲੱਗਣਗੇ। ਸੁਲਤਾਨਪੁਰ ਲੋਧੀ ਸ਼ਹਿਰ ਵਿਚ ਮੁਹੱਲਾ ਕਾਜ਼ੀ ਬਾਗ, ਮੁਹੱਲਾ ਧੀਰਾਂ, ਮੁਹੱਲਾ ਸੈਦਾਂ, ਮੁਹੱਲਾ ਪੱਖੀਵਾਲ ਅਤੇ ਮੁਹੱਲਾ ਦੀਵਾਨਾਂ ਦਾ ਸਾਂਝਾ ਕੈਂਪ ਲੱਗੇਗਾ। ਇਸੇ ਤਰ੍ਹਾਂ ਮੁਹੱਲਾ ਤਕਸੱਲੀਆਂ, ਢੋਡੀਆਂ, ਹਕੀਮਾਂ, ਕੁਰਲਾਂ ਤੇ ਰੇਲਵੇ ਰੋਡ ਦਾ ਵੀ ਸਾਂਝਾ ਕੈਂਪ ਲਾਇਆ ਜਾਵੇਗਾ। ਇਸੇ ਤਰ੍ਹਾਂ ਫਗਵਾੜਾ ਵਿਖੇ ਮਾਇਓਭੱਟੀ, ਪਾਂਸ਼ਟਾ, ਨਰੂੜ ਅਤੇ ਨਸੀਰਾਬਾਦ ਵਿਖੇ ਇਹ ਕੈਂਪ ਲਾਏ ਜਾਣਗੇ।