ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਠੀਕ ਰਾਤ 8 ਵਜੇ ਮੋਕ ਡਰਿੱਲ ਲਈ ਵੱਜਣਗੇ ਸਾਇਰਨ
ਕਪੂਰਥਲਾ, 22 ਅਪ੍ਰੈਲ: ਗ੍ਰਹਿ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ 24 ਅਪ੍ਰੈਲ, 2026 ਨੂੰ ਰਾਤ 8:00 ਵਜੇ ਪੁਰਾਣੀ ਕਚਿਹਰੀ ਕਪੂਰਥਲਾ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਇਹ ਮੌਕ ਐਕਸਰਸਾਈਜ਼ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜੋ ਸਾਇਰਨਾਂ ਰਾਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੋਕ ਡਰਿੱਲ ਪੁਰਾਣੀ ਕਚਿਹਰੀ ਵਿਖੇ ਹੋਵੇਗੀ ਅਤੇ ਬਿਜਲੀ ਵਿਭਾਗ ਵੱਲੋਂ ਕੇਵਲ ਇਸੇ ਹੀ ਇਲਾਕੇ ਦੀਆਂ ਲਾਈਟਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਸ਼ਚਤ ਸਥਾਨ ‘ਤੇ ਬਲੈਕਆਊਟ ਦੌਰਾਨ ਨਿਰਧਾਰਤ ਖੇਤਰਾਂ ਵਿੱਚ ਆਮ ਜਨਤਾ ਵੱਲੋਂ ਸਾਰੀ ਗੈਰ–ਜ਼ਰੂਰੀ ਬੱਤੀਆਂ ਬੰਦ ਕੀਤੀਆਂ ਜਾਣ। ਹਾਲਾਂਕਿ, ਜ਼ਰੂਰੀ ਸੇਵਾਵਾਂ ਇਸ ਦੌਰਾਨ ਚੱਲਦੀਆਂ ਰਹਿਣਗੀਆਂ।
ਉਨ੍ਹਾਂ ਨੇ ਦੱਸਿਆ ਕਿ ਮੌਕੇ ਐਕਸਰਸਾਈਜ਼ ਸਮਾਪਤ ਹੋਣ ਉਪਰੰਤ “ਆਲ ਕਲੀਅਰ” ਸਿਗਨਲ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਦਿੱਤਾ ਜਾਵੇਗਾ, ਜੋ ਇਸ ਐਕਸਰਸਾਈਜ਼ ਦੇ ਖਤਮ ਹੋਣ ਦਾ ਸੰਕੇਤ ਹੋਵੇਗਾ।
ਇਸ ਮੌਕ ਐਕਸਰਸਾਈਜ਼ ਦੌਰਾਨ ਅੱਗ ਬੁਝਾਉ ਕਾਰਵਾਈ, ਖੋਜ ਅਤੇ ਰਾਹਤ ਕਾਰਜ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜਖ਼ਮੀਆਂ ਦੀ ਢੁਆਈ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਇਆ ਦੀ ਪ੍ਰਤੀਕਾਤਮਕ ਰਿਹਰਸਲ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਮੋਕ ਡਰਿੱਲ ਦੌਰਾਨ ਐਨ:ਸੀ:ਸੀ ਦੇ ਵਿਦਿਆਰਥੀ, ਸਿਵਲ ਡਿਫੈਂਸ ਦੇ ਕਰਮਚਾਰੀ, ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਪੁਲਿਸ ਅਧਿਕਾਰੀ ਵੀ ਹਾਜਰ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਮੋਕ ਡਰਿੱਲ ਦੌਰਾਨ ਕਿਸੇ ਵੀ ਤਰ੍ਹਾਂ ਘਟਨਾ ਹੋਣ ਤੇ ਕਿਸ ਤਰ੍ਹਾਂ ਬਚਾਓ ਕਰਨਾ ਹੈ ਬਾਰੇ ਵੀ ਰਿਹਰਸਲ ਕੀਤੀ ਜਾਵੇਗੀ।
ਉਨ੍ਹਾਂ ਵਲੋ ਆਮ ਜਨਤਾ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਘਬਰਾਉਣ ਨਾ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਲਈ ਇੱਕ ਰੁਟੀਨ ਡ੍ਰਿੱਲ ਹੈ। ਉਂਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਿਪਟਣ ਲਈ ਪੂਰੇ ਦੇਸ਼ ਵਿੱਚ ਮੋਕ ਡਰਿੱਲ ਹਰੇਕ ਸਾਲ ਦੇ ਅਪ੍ਰੈਲ ਅਤੇ ਨਵੰਬਰ ਦੇ ਮਹੀਨੇ ਵਿੱਚ ਕਰਵਾਈ ਜਾਇਆ ਕਰੇਗੀ।











