ਕਪੂਰਥਲਾ, 1 ਜੁਲਾਈ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਸ਼ੁਰੂ ਹੋਈ ਵੋਟਰ ਸੂਚੀਆਂ ਦੀ ਐਸ.ਆਈ.ਆਰ. ਦੀ ਮੁਹਿੰਮ ਤਹਿਤ ਬੀ.ਐਲ.ਓਜ਼ ਵੱਲੋਂ ਘਰ–ਘਰ ਜਾ ਕੇ ਗਣਨਾ ਫਾਰਮ ਵੰਡੇ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫਸਰ–ਕਮ–ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਵੱਲੋਂ ਅੱਜ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਵੱਲੋਂ ਵੋਟਰਾਂ ਪਾਸੋਂ ਪ੍ਰਾਪਤ ਹੋਏ ਮੁਕੰਮਲ ਗਣਨਾ ਫਾਰਮਾਂ ਨੂੰ ਮੋਬਾਈਲ ਐਪ ਵਿੱਚ ਡਿਜੀਟਾਈਜ਼ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਅੱਜ 1 ਜੁਲਾਈ 2026 ਤੱਕ ਕੁੱਲ 12,394 ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪ੍ਰਤੀ ਪੋਲਿੰਗ ਬੂਥ 10% ਫਾਰਮ ਰੋਜ਼ਾਨਾ ਡਿਜੀਟਾਈਜ਼ ਕਰਵਾਉਣਾ ਯਕੀਨੀ ਬਣਾਉਣ ਅਤੇ ਪੋਲਿੰਗ ਸਟੇਸ਼ਨਾਂ ਦੇ ਪੁਨਰਗਠਨ ਸਬੰਧੀ ਡਰਾਫਟ ਪੋਲਿੰਗ ਸਟੇਸ਼ਨਾਂ ਦੀ ਸੂਚੀ ਜਲਦ ਮੁਹੱਈਆ ਕਰਵਾਈ ਜਾਵੇ।
ਜ਼ਿਲ੍ਹਾ ਚੋਣ ਅਫਸਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਚੱਲ ਰਹੀ ਵਿਸ਼ੇਸ਼ ਮੁਹਿੰਮ ਵਿੱਚ ਹਰ ਯੋਗ ਨਾਗਰਿਕ ਆਪਣੀ ਸਰਗਰਮ ਭਾਗੀਦਾਰੀ ਨਿਭਾਵੇ ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਨੂੰ ਅਜੇ ਤੱਕ ਫਾਰਮ ਨਹੀਂ ਮਿਲਿਆ ਹੈ, ਉਹ ਦਿੱਤੇ ਗਏ ਸੰਪਰਕ ਨੰਬਰਾਂ ਰਾਹੀਂ ਆਪਣੇ ਬੀ.ਐਲ.ਓ. ਨਾਲ ਸੰਪਰਕ ਕਰ ਸਕਦੇ ਹਨ ਜਾਂ “ਬੀ.ਐਲ.ਓ. ਨਾਲ ਕਾਲ ਬੁੱਕ ਕਰੋ” ਸਹੂਲਤ ਦਾ ਲਾਭ ਉਠਾ ਸਕਦੇ ਹਨ। ਇਹ ਘਰ–ਘਰ ਗਣਨਾ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ ਅਤੇ ਪੋਲਿੰਗ ਸਟੇਸ਼ਨਾਂ ਦੇ ਪੁਨਰਗਠਨ ਦਾ ਕੰਮ ਵੀ 24 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਜਾਂ ਕਿਸੇ ਵੀ ਕਿਸਮ ਦੀ ਸਹਾਇਤਾ ਲਈ ਜ਼ਿਲ੍ਹਾ ਚੋਣ ਦਫਤਰ ਕਪੂਰਥਲਾ ਦੀ ਵੋਟਰ ਹੈਲਪਲਾਈਨ ਦੇ ਟੋਲ ਫ੍ਰੀ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਚੋਣ ਮੁਹਿੰਮ ਦੇ ਸ਼ਡਿਊਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 3 ਅਗਸਤ 2026 ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ, ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਦਰਜ ਕਰਵਾਏ ਜਾ ਸਕਣਗੇ, ਜਿਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨਾ 1 ਅਕਤੂਬਰ 2026 ਨੂੰ ਕੀਤੀ ਜਾਵੇਗੀ। ਇਸ ਮੌਕੇ ਚੋਣ ਤਹਿਸੀਲਦਾਰ ਅਰਮਿੰਦਰ ਪਾਲ ਸਿੰਘ, ਚੋਣ ਕਾਨੂੰਗੋ ਪੂਜਾ ਕੱਕੜ, ਕਮਲ ਕਿਸ਼ੋਰ ਅਤੇ ਹੋਰ ਕਰਮਚਾਰੀ ਵੀ ਮੌਜੂਦ ਸਨ।
ਕੈਪਸ਼ਨ: ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਜ਼ਿਲ੍ਹਾ ਚੋਣ ਅਫਸਰ–ਕਮ–ਡਿਪਟੀ ਕਮਿਸ਼ਨਰ ਕਪੂਰਥਲਾ, ਸ਼੍ਰੀ ਅਕਾਸ਼ ਬਾਂਸਲ।









