ਸਮਾਰੋਹ ਦੌਰਾਨ 49 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਕਪੂਰਥਲਾ, 05.02.2026:
ਰੇਲ ਕੋਚ ਫੈਕਟਰੀ, ਕਪੂਰਥਲਾ ਵਿੱਚ ਕਰਮਚਾਰੀਆਂ ਦੇ ਉਤਕ੍ਰਿਸ਼ਟ ਯੋਗਦਾਨ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸਾਲ 2024 ਅਤੇ 2025 ਲਈ ਵਿਸ਼ਿਸ਼ਟ ਰੇਲ ਸੇਵਾ ਪੁਰਸਕਾਰ ਅਤੇ ਰੇਲ ਸੇਵਾ ਪੁਰਸਕਾਰ ਸਮਾਰੋਹ ਦਾ ਬੜੇ ਉਤਸ਼ਾਹ ਨਾਲ ਆਯੋਜਨ ਕੀਤਾ ਗਿਆ।
ਇਸ ਮੌਕੇ ’ਤੇ ਸ਼੍ਰੀ ਪੀ. ਕੇ. ਮਿਸ਼ਰਾ, ਮਹਾਪ੍ਰਬੰਧਕ, ਆਰ.ਸੀ.ਐਫ. ਕਪੂਰਥਲਾ ਨੇ ਆਰ ਸੀ ਐੱਫ ਪ੍ਰਤੀ ਸਲਾਹੁਣ ਯੋਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੁਰਸਕਾਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਵੱਖ–ਵੱਖ ਖੇਤਰਾਂ ਵਿੱਚ ਅਸਾਧਾਰਣ ਕਾਰਗੁਜ਼ਾਰੀ ਅਤੇ ਵਚਨਬੱਧਤਾ ਦਰਸਾਉਣ ਵਾਲੇ ਕੁੱਲ 49 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਵਿਅਕਤੀਗਤ ਪੁਰਸਕਾਰਾਂ ਤੋਂ ਇਲਾਵਾ, ਮਹਾਪ੍ਰਬੰਧਕ ਵੱਲੋਂ ਸੁਰੱਖਿਆ, ਵਾਤਾਵਰਣ ਪ੍ਰਬੰਧਨ, ਗੁਣਵੱਤਾ ਅਤੇ ਸਰਵੋਤਮ ਦਫ਼ਤਰੀ ਪ੍ਰਬੰਧਨ ਦੇ ਖੇਤਰ ਵਿੱਚ ਸਲਾਹੁਣ ਯੋਗ ਕੰਮ ਕਰਨ ਵਾਲੇ ਵੱਖ–ਵੱਖ ਦਫ਼ਤਰਾਂ ਅਤੇ ਵਿਭਾਗਾਂ ਨੂੰ ਸ਼ੀਲਡਾਂ ਵੀ ਪ੍ਰਦਾਨ ਕੀਤੀਆਂ ਗਈਆਂ। ਇਹ ਪੁਰਸਕਾਰ ਆਰ.ਸੀ.ਐਫ. ਵਿੱਚ ਉੱਚ ਪੱਧਰ ਦੀ ਕਾਰਗੁਜ਼ਾਰੀ, ਅਨੁਸ਼ਾਸਨ ਅਤੇ ਉਤਕ੍ਰਿਸ਼ਟ ਕਾਰਜ–ਸੰਸਕ੍ਰਿਤੀ ਨੂੰ ਦਰਸਾਉਂਦੇ ਹਨ।
ਵਾਰਿਸ ਸ਼ਾਹ ਹਾਲ ਵਿੱਚ ਹਾਜ਼ਰ ਸਮੂਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੀ. ਕੇ. ਮਿਸ਼ਰਾ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਟੀਮਵਰਕ, ਨਵੀਨਤਾ ਅਤੇ ਸੁਰੱਖਿਆ ਅਤੇ ਗੁਣਵੱਤਾ ਮਿਆਰਾਂ ਦੀ ਪਾਲਣਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਲ 2024 ਅਤੇ 2025 ਦੌਰਾਨ ਆਰ.ਸੀ.ਐਫ. ਕਪੂਰਥਲਾ ਦੀਆਂ ਮਹੱਤਵਪੂਰਨ ਉਪਲਬਧੀਆਂ ’ਤੇ ਵੀ ਰੋਸ਼ਨੀ ਪਾਈ, ਜਿਨ੍ਹਾਂ ਵਿੱਚ ਉਤਪਾਦਨ ਸਮਰੱਥਾ ਵਿੱਚ ਵਾਧਾ, ਗੁਣਵੱਤਾ ਸੁਧਾਰ, ਵਾਤਾਵਰਣਕ ਟਿਕਾਊਪਨ ਨਾਲ ਸੰਬੰਧਿਤ ਪਹਿਲਕਦਮੀਆਂ ਅਤੇ ਸਮੁੱਚਾ ਸੰਸਥਾਗਤ ਪ੍ਰਦਰਸ਼ਨ ਸ਼ਾਮਲ ਹਨ।
ਮਹਾਪ੍ਰਬੰਧਕ ਨੇ ਭਰੋਸਾ ਜਤਾਇਆ ਕਿ ਇਸ ਤਰ੍ਹਾਂ ਦੇ ਸਨਮਾਨ ਕਰਮਚਾਰੀਆਂ ਨੂੰ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਲਗਾਤਾਰ ਯਤਨ ਕਰਨ ਅਤੇ ਕੋਚ ਨਿਰਮਾਣ ਅਤੇ ਸੰਸਥਾਗਤ ਵਿਕਾਸ ਵਿੱਚ ਉੱਚ ਮਾਪਦੰਡ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਗੇ।
ਇਸ ਮੌਕੇ ’ਤੇ ਸ੍ਰੀਮਤੀ ਭਾਰਤੀ ਮਿਸ਼ਰਾ, ਪ੍ਰਧਾਨ , ਮਹਿਲਾ ਕਲਿਆਣ ਸੰਗਠਨ, ਅਤੇ ਉਨ੍ਹਾਂ ਦੀ ਟੀਮ, ਪ੍ਰਮੁੱਖ ਵਿਭਾਗ ਮੁਖੀ , ਅਧਿਕਾਰੀ, ਵੱਖ–ਵੱਖ ਯੂਨੀਅਨਾਂ ਅਤੇ ਸੰਘਾਂ ਦੇ ਪ੍ਰਤੀਨਿਧੀ, ਪੁਰਸਕਾਰ ਜੇਤੂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਰਹੇ।
ਪੁਰਸਕਾਰ ਵੰਡ ਸਮਾਰੋਹ ਦਾ ਸਮਾਪਨ ਇੱਕ ਰੰਗ–ਬਰੰਗੇ ਸੱਭਿਆਚਾਰਕ ਪ੍ਰੋਗਰਾਮ ਨਾਲ ਹੋਇਆ, ਜਿਸ ਵਿੱਚ ਪੇਸ਼ ਕੀਤੀਆਂ ਗਈਆਂ ਵੱਖ–ਵੱਖ ਸੱਭਿਆਚਾਰਕ ਆਈਟਮਾਂ ਨੂੰ ਆਡੀਟੋਰੀਅਮ ਵਿੱਚ ਮੌਜੂਦ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਪ੍ਰਾਪਤ ਹੋਈ।











